ਲੁਧਿਆਣਾ, 11 ਸਤੰਬਰ 2026 (ਭਗਵਿੰਦਰ ਪਾਲ ਸਿੰਘ): “ਭਵਿੱਖ ਦਾ ਵਿੱਤੀ ਬੁਨਿਆਦੀ ਢਾਂਚਾ ਇੰਨਾ ਬੁੱਧੀਮਾਨ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਦੀ ਮਨਸ਼ਾ ਨੂੰ ਸਮਝ ਸਕੇ, ਇੰਨਾ ਪ੍ਰੋਗ੍ਰਾਮੇਬਲ ਹੋਵੇ ਕਿ ਮੁੱਲ ਦੇ ਪ੍ਰਵਾਹ ਨੂੰ ਸੁਚੱਜੇ ਢੰਗ ਨਾਲ ਸਹਿਕਾਰਿਤ ਕਰ ਸਕੇ, ਭਵਿੱਖ ਦੇ ਖਤਰਿਆਂ ਦਾ ਸਾਹਮਣਾ ਕਰਨ ਲਈ ਇੰਨਾ ਮਜ਼ਬੂਤ ਅਤੇ ਲਚਕੀਲਾ ਹੋਵੇ, ਅਤੇ ਹਰ ਨਾਗਰਿਕ ਦੀ ਸੇਵਾ ਕਰਨ ਲਈ ਇੰਨਾ ਸਮਾਵੇਸ਼ੀ ਹੋਵੇ,” ਇਹ ਗੱਲ ਅਜੈ ਕੁਮਾਰ ਚੌਧਰੀ, ਗੈਰ-ਕਾਰਜਕਾਰੀ ਚੇਅਰਮੈਨ ਅਤੇ ਸੁਤੰਤਰ ਡਾਇਰੈਕਟਰ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਕਹੀ। ਉਹ 7ਵੇਂ ਗਲੋਬਲ ਫਿਨਟੈਕ ਫੈਸਟ (GFF) 2026 ਵਿੱਚ ਮੁੱਖ ਭਾਸ਼ਣ ਦੇ ਰਹੇ ਸਨ।
“ਭਰੋਸੇ ਦੀ ਆਰਕੀਟੈਕਚਰ: ਭੁਗਤਾਨ ਤੋਂ ਅੱਗੇ ਵਧ ਕੇ ਇੰਟੈਲੀਜੈਂਸ ਅਤੇ ਪ੍ਰੋਗ੍ਰਾਮੇਬਿਲਿਟੀ ਵੱਲ” ਵਿਸ਼ੇ ’ਤੇ ਬੋਲਦਿਆਂ, ਚੌਧਰੀ ਨੇ ਕਿਹਾ ਕਿ ਵਿੱਤੀ ਪ੍ਰਣਾਲੀ ਹੁਣ ਅਜਿਹੇ ਪੜਾਅ ਵਿੱਚ ਦਾਖਲ ਹੋ ਰਹੀ ਹੈ, ਜਿੱਥੇ ਪ੍ਰਣਾਲੀਆਂ ਹੋਰ ਵਧੇਰੇ ਬੁੱਧੀਮਾਨ ਬਣ ਰਹੀਆਂ ਹਨ, ਸੰਪਤੀਆਂ ਅਤੇ ਲੈਣ-ਦੇਣ ਹੋਰ ਵਧੇਰੇ ਪ੍ਰੋਗ੍ਰਾਮੇਬਲ ਹੋ ਰਹੇ ਹਨ ਅਤੇ ਖੁਦ ਡਿਜ਼ਿਟਲ ਭਰੋਸੇ ਦੀ ਪਰਿਭਾਸ਼ਾ ਵੀ ਨਵੇਂ ਸਿਰੇ ਤੋਂ ਤੈਅ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ, “ਹੁਣ ਸਵਾਲ ਇਹ ਨਹੀਂ ਰਹਿ ਗਿਆ ਕਿ ਨਵੀਆਂ ਤਕਨਾਲੋਜੀਆਂ ਵਿੱਤੀ ਖੇਤਰ ਨੂੰ ਪ੍ਰਭਾਵਿਤ ਕਰਨਗੀਆਂ ਜਾਂ ਨਹੀਂ, ਸਗੋਂ ਇਹ ਹੈ ਕਿ ਅਸੀਂ ਇਸ ਬਦਲਾਅ ਦੇ ਦੌਰ ਵਿੱਚ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਦੇ ਹਾਂ ਅਤੇ ਜੋਖਮਾਂ ’ਤੇ ਆਪਣਾ ਕਾਬੂ ਗੁਆਏ ਬਿਨਾਂ ਮੌਕਿਆਂ ਦਾ ਕਿੰਨੀ ਕੁ ਸਫਲਤਾ ਨਾਲ ਲਾਭ ਉਠਾਉਂਦੇ ਹਾਂ।”
UPI ਦੇ 10 ਸਾਲ ਪੂਰੇ ਹੋਣ ਦੇ ਮੌਕੇ ’ਤੇ, ਚੌਧਰੀ ਨੇ ਉਜਾਗਰ ਕੀਤਾ ਕਿ ਅਗਸਤ 2026 ਵਿੱਚ ਹੀ UPI ਨੇ 752 ਭਾਗੀਦਾਰ ਬੈਂਕਾਂ ਰਾਹੀਂ 24.5 ਬਿਲੀਅਨ ਤੋਂ ਵੱਧ ਲੈਣ-ਦੇਣ ਕੀਤੇ, ਜਿਨ੍ਹਾਂ ਦੀ ਕੁੱਲ ਕੀਮਤ 29.8 ਲੱਖ ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ UPI ਹੁਣ ਸਿਰਫ਼ ਇੱਕ ਭੁਗਤਾਨ ਇੰਟਰਫੇਸ ਨਹੀਂ ਰਿਹਾ, ਸਗੋਂ ਇਹ ਰੋਜ਼ਾਨਾ ਜ਼ਿੰਦਗੀ ਵਿੱਚ ਰਚਿਆ-ਬਸਿਆ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਬਣ ਚੁੱਕਾ ਹੈ। ਉਨ੍ਹਾਂ ਨੇ ਇਸ ਉਪਲਬਧੀ ਦਾ ਸਿਹਰਾ ਦੇਸ਼ ਦੀ ਅਗਵਾਈ ਨੂੰ ਦਿੱਤਾ, ਜਿਸ ਨੇ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਡਿਜ਼ਿਟਲ ਭੁਗਤਾਨਾਂ ਨੂੰ ਥਾਂ ਦਿੱਤੀ। ਲਈ ਕੀਤੇ ਲਗਾਤਾਰ ਯਤਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ UPI ਭਾਰਤ ਦੀ ਤਕਨੀਕੀ ਸਮਰੱਥਾ ਅਤੇ ਆਤਮਵਿਸ਼ਵਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਗਟਾਵਿਆਂ ਵਿੱਚੋਂ ਇੱਕ ਬਣ ਗਿਆ ਹੈ।
ਵਿੱਤੀ ਬੁਨਿਆਦੀ ਢਾਂਚੇ ਦੇ ਭਵਿੱਖ ਬਾਰੇ ਗੱਲ ਕਰਦਿਆਂ, ਚੌਧਰੀ ਨੇ ਤਿੰਨ ਮਹੱਤਵਪੂਰਨ ਬਦਲਾਅ ਦੱਸੇ, ਜੋ ਅਗਲੇ ਪੜਾਅ ਦੀ ਤਬਦੀਲੀ ਨੂੰ ਨਿਰਧਾਰਤ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾ ਬਦਲਾਅ “ਹਦਾਇਤਾਂ ਤੋਂ ਮਨਸ਼ਾ” (Instructions to Intent) ਵੱਲ ਹੋਵੇਗਾ। ਇਸ ਤਹਿਤ ਏਜੈਂਟਿਕ AI (Agentic AI) ਅਜਿਹੀਆਂ ਪ੍ਰਣਾਲੀਆਂ ਨੂੰ ਸਮਰੱਥ ਬਣਾ ਸਕਦੀ ਹੈ, ਜੋ ਉਦੇਸ਼ਾਂ ਨੂੰ ਸਮਝ ਸਕਣ ਅਤੇ ਅਧਿਕਾਰਤ ਹੱਦਾਂ ਦੇ ਅੰਦਰ ਰਹਿੰਦੇ ਹੋਏ ਕਾਰਵਾਈ ਕਰ ਸਕਣ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਪ੍ਰਣਾਲੀਆਂ ਵਿੱਚ ਮਨੁੱਖੀ ਅਧਿਕਾਰ ਅਤੇ ਨਿਗਰਾਨੀ ਬੁਨਿਆਦੀ ਮਹੱਤਤਾ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਉਦੇਸ਼ ਸੀਮਿਤ ਅਤੇ ਜਵਾਬਦੇਹ ਏਜੰਸੀ ਹੋਣਾ ਚਾਹੀਦਾ ਹੈ, ਨਾ ਕਿ ਮਸ਼ੀਨਾਂ ਨੂੰ ਬੇਅੰਤ ਖੁਦਮੁਖਤਿਆਰੀ ਦੇਣਾ।” ਉਨ੍ਹਾਂ ਅੱਗੇ ਦੱਸਿਆ ਕਿ NPCI, UPI ਦੇ ਪਰਿਸਥਿਤਕੀ ਤੰਤਰ (ecosystem) ਦੇ ਅੰਦਰ ਡਿਜ਼ਿਟਲ ਏਜੈਂਟਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਅਧਿਕਾਰਤ ਕਰਨ ਲਈ ਪ੍ਰੋਟੋਕੋਲਾਂ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਇੰਟਰਓਪਰੇਬਿਲਿਟੀ (ਵੱਖ-ਵੱਖ ਪ੍ਰਣਾਲੀਆਂ ਵਿਚਕਾਰ ਆਪਸੀ ਅਨੁਕੂਲਤਾ) ਅਤੇ ਸੈਟਲਮੈਂਟ ਦੀ ਅੰਤਿਮਤਾ (settlement finality) ਨੂੰ ਵੀ ਕਾਇਮ ਰੱਖਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਦੂਜਾ ਬਦਲਾਅ “ਪੈਸੇ ਦੀ ਆਵਾਜਾਈ ਤੋਂ ਮੁੱਲ ਦੇ ਸਮਨਵਯ” (Moving Money to Coordinating Value) ਵੱਲ ਹੈ। ਪ੍ਰੋਗ੍ਰਾਮੇਬਿਲਿਟੀ (Programmability) ਪੈਸੇ ਜਾਂ ਸੰਪਤੀਆਂ ਦੀ ਆਵਾਜਾਈ ਨੂੰ ਪਹਿਲਾਂ ਤੋਂ ਤੈਅ ਕੀਤੀਆਂ ਸ਼ਰਤਾਂ ਨਾਲ ਜੋੜ ਸਕਦੀ ਹੈ। ਉਨ੍ਹਾਂ ਨੇ NPCI ਦੇ ਓਪਨ-ਸੋਰਸ ਐਂਟਰਪ੍ਰਾਈਜ਼ ਬਲਾਕਚੇਨ ਪਲੇਟਫਾਰਮ “Drunix” ਦਾ ਜ਼ਿਕਰ ਕੀਤਾ, ਜਿਸਨੂੰ ਟੋਕਨਾਈਜ਼ੇਸ਼ਨ ਪਲੇਟਫਾਰਮਾਂ, ਡਿਜ਼ਿਟਲ ਐਸੈਟ ਇਕੋਸਿਸਟਮ ਅਤੇ ਕਈ ਸੰਸਥਾਵਾਂ ਦੇ ਨੈੱਟਵਰਕਾਂ ਨੂੰ ਸਹਾਇਤਾ ਦੇਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਂਝੇ ਮਾਪਦੰਡ (Common Standards) ਅਤੇ ਇੰਟਰਓਪਰੇਬਿਲਿਟੀ (Interoperability) ਬਹੁਤ ਜ਼ਰੂਰੀ ਹੋਣਗੇ, ਤਾਂ ਜੋ ਵਿੱਤੀ ਪ੍ਰਣਾਲੀ ਵਿੱਚ ਵੱਖ-ਵੱਖ ਅਤੇ ਆਪਸ ਵਿੱਚ ਨਾ ਜੁੜ ਸਕਣ ਵਾਲੇ ਹਿੱਸਿਆਂ ਕਾਰਨ ਪੈਦਾ ਹੋਣ ਵਾਲੇ ਵਿਖੰਡਨ (Fragmentation) ਨੂੰ ਰੋਕਿਆ ਜਾ ਸਕੇ।
ਤੀਜਾ ਬਦਲਾਅ “ਮੌਜੂਦਾ ਸੁਰੱਖਿਆ ਤੋਂ ਭਵਿੱਖੀ ਲਚੀਲੇਪਣ” (Present Security to Future Resilience) ਵੱਲ ਹੈ। ਇਸ ਦਾ ਅਰਥ ਇਹ ਯਕੀਨੀ ਬਣਾਉਣਾ ਹੈ ਕਿ ਪੈਸਾ ਆਪਣੀ ਕੀਮਤ ਕਾਇਮ ਰੱਖੇਗਾ, ਲੈਣ-ਦੇਣ ਉਸੇ ਤਰ੍ਹਾਂ ਪੂਰੇ ਹੋਣਗੇ ਜਿਵੇਂ ਉਨ੍ਹਾਂ ਦਾ ਉਦੇਸ਼ ਹੈ, ਡਾਟਾ ਸੁਰੱਖਿਅਤ ਰਹੇਗਾ ਅਤੇ ਜਦੋਂ ਕੁਝ ਗਲਤ ਹੋਵੇ ਤਾਂ ਜ਼ਿੰਮੇਵਾਰੀ ਤੈਅ ਕਰਨ ਯੋਗ ਰਹੇਗੀ। ਚੌਧਰੀ ਨੇ ਚੇਤਾਵਨੀ ਦਿੱਤੀ ਕਿ ਕਵਾਂਟਮ ਕੰਪਿਊਟਿੰਗ ਵਿੱਚ ਹੋ ਰਹੀ ਤਰੱਕੀ ਨੂੰ ਦੇਖਦੇ ਹੋਏ ਵਿੱਤੀ ਸੰਸਥਾਵਾਂ ਨੂੰ ਪਹਿਲਾਂ ਹੀ ਤਿਆਰੀ ਕਰਨੀ ਪਵੇਗੀ, ਇਸ ਤੋਂ ਪਹਿਲਾਂ ਕਿ ਮੌਜੂਦਾ ਕ੍ਰਿਪਟੋਗ੍ਰਾਫਿਕ ਸੁਰੱਖਿਆ ਪ੍ਰਣਾਲੀਆਂ ਲਈ ਕੋਈ ਗੰਭੀਰ ਖਤਰਾ ਪੈਦਾ ਹੋਵੇ। ਉਨ੍ਹਾਂ ਨੇ ਪੋਸਟ-ਕਵਾਂਟਮ ਕ੍ਰਿਪਟੋਗ੍ਰਾਫੀ (Post-Quantum Cryptography) ਵੱਲ ਹੋ ਰਹੇ ਬਦਲਾਅ ਨੂੰ “ਲੰਬੇ ਸਮੇਂ ਤੱਕ ਚੱਲਣ ਵਾਲੀ, ਪੂਰੇ ਇਕੋਸਿਸਟਮ ਨੂੰ ਸ਼ਾਮਲ ਕਰਨ ਵਾਲੀ ਕਵਾਇਦ” ਦੱਸਿਆ। ਇਸ ਵਿੱਚ ਬੋਰਡਾਂ, ਰੈਗੂਲੇਟਰਾਂ, ਬੈਂਕਾਂ, ਫਿਨਟੈਕ ਕੰਪਨੀਆਂ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਦੀ ਸਾਂਝੀ ਭੂਮਿਕਾ ਸ਼ਾਮਲ ਹੋਵੇਗੀ।
ਉਨ੍ਹਾਂ ਕਿਹਾ ਕਿ ਅਸਲ ਤਬਦੀਲੀ ਉਸ ਵੇਲੇ ਸਾਹਮਣੇ ਆਵੇਗੀ, ਜਦੋਂ ਬੁੱਧੀਮਤਾ (Intelligence), ਪ੍ਰੋਗ੍ਰਾਮੇਬਿਲਿਟੀ (Programmability) ਅਤੇ ਭਰੋਸਾ (Trust) ਇਕੱਠੇ ਮਿਲ ਕੇ ਕੰਮ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਿਵੇਂ-ਜਿਵੇਂ ਇਹ ਤਕਨਾਲੋਜੀਆਂ ਇੱਕ-ਦੂਜੇ ਨਾਲ ਜੁੜਦੀਆਂ ਜਾਣਗੀਆਂ, ਉਨ੍ਹਾਂ ਨਾਲ ਜੁੜੇ ਜੋਖਮ ਵੀ ਆਪਸ ਵਿੱਚ ਜੁੜ ਸਕਦੇ ਹਨ। ਉਨ੍ਹਾਂ ਕਿਹਾ ਕਿ “ਮਾਡਲ ਨਾਲ ਜੁੜਿਆ ਜੋਖਮ ਭੁਗਤਾਨ ਜਾਂ ਆਚਰਨ ਨਾਲ ਜੁੜੇ ਜੋਖਮ ਵਿੱਚ ਬਦਲ ਸਕਦਾ ਹੈ, ਕਲਾਊਡ ’ਤੇ ਨਿਰਭਰਤਾ ਕਾਰਜਕਾਰੀ ਅਤੇ ਡਾਟਾ-ਸੰਪ੍ਰਭੁਤਾ ਨਾਲ ਜੁੜੀਆਂ ਚਿੰਤਾਵਾਂ ਪੈਦਾ ਕਰ ਸਕਦੀ ਹੈ, ਅਤੇ ਪ੍ਰੋਗ੍ਰਾਮੇਬਲ ਸ਼ਰਤਾਂ ਵਿੱਚ ਗਲਤੀਆਂ ਸੈਟਲਮੈਂਟ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।” ਇਸ ਲਈ, ਜੋਖਮ ਪ੍ਰਬੰਧਨ ਨੂੰ ਹਰ ਤਕਨਾਲੋਜੀ ਦਾ ਵੱਖ-ਵੱਖ ਮੁਲਾਂਕਣ ਕਰਨ ਦੀ ਬਜਾਏ ਪੂਰੀ ਪ੍ਰਕਿਰਿਆ ਅਤੇ ਇਸ ਦੀ ਸਮੁੱਚੀ ਲੜੀ ਵਿੱਚ ਹੋਣ ਵਾਲੀ ਗਤੀਵਿਧੀ ਦਾ ਧਿਆਨ ਰੱਖਣਾ ਚਾਹੀਦਾ ਹੈ।
ਸੰਪ੍ਰਭੁਤਾ ਨਾਲ ਜੁੜੇ ਜੋਖਮ (Sovereignty Risk) ਬਾਰੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਸੰਸਥਾਵਾਂ ਨੂੰ ਮਹੱਤਵਪੂਰਨ ਤਕਨਾਲੋਜੀ ’ਤੇ ਆਪਣਾ ਨਿਯੰਤਰਣ ਅਤੇ ਅਰਥਪੂਰਨ ਚੋਣ ਦਾ ਅਧਿਕਾਰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਇੱਕ ਮਾਡਲ, ਕਲਾਊਡ ਜਾਂ ਤਕਨਾਲੋਜੀ ਪ੍ਰਦਾਤਾ ’ਤੇ ਬੇਹੱਦ ਨਿਰਭਰਤਾ ਤੋਂ ਬਚਣਾ ਚਾਹੀਦਾ ਹੈ, ਵੱਖ-ਵੱਖ ਪ੍ਰਦਾਤਾਵਾਂ ਵਿਚਕਾਰ ਪੋਰਟੇਬਿਲਿਟੀ (Portability) ਬਣਾਈ ਰੱਖਣੀ ਚਾਹੀਦੀ ਹੈ ਅਤੇ ਨਵੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਨ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਲੋੜੀਂਦੇ ਹੁਨਰ ਅਤੇ ਸੰਸਥਾਗਤ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ “ਸੰਪ੍ਰਭੁਤਾ ਆਖ਼ਿਰਕਾਰ ਨਿਯੰਤਰਣ, ਸਮਰੱਥਾ, ਚੋਣ ਅਤੇ ਤਿਆਰੀ ਦਾ ਸੁਮੇਲ ਹੈ।” ਉਨ੍ਹਾਂ ਅੱਗੇ ਕਿਹਾ ਕਿ “ਸੰਪ੍ਰਭੁਤਾ ਦੇ ਪੱਧਰ ’ਤੇ, ਇਸ ਮੁੱਦੇ ’ਤੇ ਖੇਤਰੀ ਜਾਂ ਵਿਸ਼ਵ ਪੱਧਰੀ ਸਹਿਯੋਗ ਵੀ ਅੱਗੇ ਵਧਣ ਦਾ ਇੱਕ ਹੋਰ ਰਸਤਾ ਹੈ।”
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਚੌਧਰੀ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਦੀ ਅਸਲ ਕੀਮਤ ਸਿਰਫ਼ ਕਾਰਜਕੁਸ਼ਲਤਾ ਵਧਾਉਣ ਵਿੱਚ ਨਹੀਂ, ਸਗੋਂ ਬਿਹਤਰ ਫੈਸਲੇ ਲੈਣ, ਵਧੇਰੇ ਮਜ਼ਬੂਤੀ ਅਤੇ ਲਚੀਲੇਪਣ, ਵਧੇਰੇ ਸਮਾਵੇਸ਼ ਅਤੇ ਸਮਾਜ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਵਿੱਚ ਹੈ। UPI ਦੇ ਦਸ ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ, ਉਨ੍ਹਾਂ ਨੇ NPCI ਦੀ ਅਗਵਾਈ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਪਿਛਲੇ ਦਹਾਕੇ ਦੌਰਾਨ UPI ਦੀ ਯਾਤਰਾ ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਅਤੇ ਭਾਰਤ ਸਰਕਾਰ ਵੱਲੋਂ ਮਿਲੇ ਸਹਿਯੋਗ ਨੂੰ ਵੀ ਸਵੀਕਾਰਿਆ। ਅੱਗੇ ਦੀ ਯਾਤਰਾ ਪ੍ਰਤੀ ਭਰੋਸਾ ਪ੍ਰਗਟ ਕਰਦਿਆਂ, ਉਨ੍ਹਾਂ ਕਿਹਾ, “NPCI ਉਭਰ ਰਹੀ, ਵੱਡੇ ਪੱਧਰ ’ਤੇ ਲਾਗੂ ਕੀਤੀ ਜਾ ਸਕਣ ਵਾਲੀ ਅਤੇ ਸਮਾਵੇਸ਼ੀ ਤਕਨਾਲੋਜੀਕਲ ਤਰੱਕੀ ਵਿੱਚ ਲਗਾਤਾਰ ਅਗਵਾਈ ਕਰਦਾ ਰਹੇਗਾ, ਤਾਂ ਜੋ ਕੱਲ੍ਹ ਦੇ ਵਿੱਤੀ ਖੇਤਰ ਨੂੰ ਨਵੀਂ ਪਰਿਭਾਸ਼ਾ ਦਿੱਤੀ ਜਾ ਸਕੇ।”
