ਲੁਧਿਆਣਾ, 07 ਅਗਸਤ, 2025 (ਭਗਵਿੰਦਰ ਪਾਲ ਸਿੰਘ): ਫੋਰਟਿਸ ਹਸਪਤਾਲ ਲੁਧਿਆਣਾ ਨੇ ਮਾਂ ਅਤੇ ਬੱਚੇ ਦੀ ਸਿਹਤ ਲਈ ਦੁੱਧ ਪਿਲਾਉਣ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਹਸਪਤਾਲ ਦੇ ਮਾਹਿਰ ਡਾਕਟਰਾਂ – ਡਾ. ਗੌਰਵ ਮਿੱਤਲ (ਸੀਨੀਅਰ ਕਨਸਲਟੈਂਟ, ਪੀਡਿਆਟ੍ਰਿਕਸ), ਡਾ. ਗੁਰਸਿਮਰਨ ਕੌਰ (ਪ੍ਰਿੰਸੀਪਲ ਕਨਸਲਟੈਂਟ, ਔਬਸਟੈਟ੍ਰਿਕਸ ਐਂਡ ਗਾਈਨੋਕੋਲੋਜੀ), ਡਾ. ਸ਼ਿਵਾਨੀ ਕੌਰ (ਅਸੋਸੀਏਟ ਕਨਸਲਟੈਂਟ, ਪੀਡਿਆਟ੍ਰਿਕਸ) ਅਤੇ ਡਾ. ਅਮਾਨਤ ਸਿੱਧੂ ਛੀਨਾ (ਅਸੋਸੀਏਟ ਕਨਸਲਟੈਂਟ, ਔਬਸਟੈਟ੍ਰਿਕਸ ਐਂਡ ਗਾਈਨੋਕੋਲੋਜੀ) ਨੇ ਆਪਣੇ ਵਿਚਾਰ ਸਾਂਝੇ ਕੀਤੇ।
ਚਰਚਾ ਦੌਰਾਨ ਦੁੱਧ ਪਿਲਾਉਣ ਨਾਲ ਜੁੜੀਆਂ ਚੁਣੌਤੀਆਂ, ਪੋਸ਼ਣ ਅਤੇ ਰੋਗ-ਰੋਧਕ ਲਾਭ, ਅਤੇ ਮਾਂ ਦੀ ਡਿਲੀਵਰੀ ਤੋਂ ਬਾਅਦ ਸੰਭਾਲ ਵਰਗੇ ਮੁੱਦੇ ਉੱਠਾਏ ਗਏ। ਸੈਸ਼ਨ ਵਿੱਚ 50 ਮਾਂਵਾਂ ਨੇ ਭਾਗ ਲਿਆ।
ਇਸ ਇਵੈਂਟ ਰਾਹੀਂ ਨਵੀਆਂ ਅਤੇ ਗਰਭਵਤੀ ਮਾਂਵਾਂ ਨੂੰ ਦੁੱਧ ਪਿਲਾਉਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਯਤਨ ਕੀਤਾ ਗਿਆ। ਇਹ ਸੈਸ਼ਨ ਵਿਅਕਤੀਗਤ ਸਲਾਹਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਇਕ ਪੂਰਾ ਤਜਰਬਾ ਬਣਿਆ।
ਡਾ. ਗੌਰਵ ਮਿੱਤਲ ਨੇ ਕਿਹਾ, "ਦੁੱਧ ਪਿਲਾਉਣਾ ਨਵਜਨਮੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਿਹਤ, ਵਿਕਾਸ ਅਤੇ ਭਾਵਨਾਤਮਕ ਲਾਭ ਮਿਲਦੇ ਹਨ। ਮਾਂ ਦਾ ਦੁੱਧ ਇੱਕ ਪੂਰਾ ਅਤੇ ਸੰਤੁਲਿਤ ਭੋਜਨ ਹੈ, ਜੋ ਆਸਾਨੀ ਨਾਲ ਹਜ਼ਮ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਐਂਟੀਬਾਡੀਜ਼ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਂਦੀਆਂ ਹਨ।"
ਡਾ. ਗੁਰਸਿਮਰਨ ਕੌਰ ਨੇ ਦੱਸਿਆ, "ਦੁੱਧ ਪਿਲਾਉਣਾ ਮਾਂ ਅਤੇ ਬੱਚੇ ਦਰਮਿਆਨ ਭਾਵਨਾਤਮਕ ਰਿਸ਼ਤਾ ਮਜ਼ਬੂਤ ਕਰਦਾ ਹੈ। ਪਰ ਕਈ ਨਵੀਆਂ ਮਾਂਵਾਂ ਸ਼ੁਰੂ ਵਿੱਚ ਝਿਝਕ ਜਾਂ ਉਲਝਣ ਮਹਿਸੂਸ ਕਰਦੀਆਂ ਹਨ। ਉਨ੍ਹਾਂ ਨੂੰ ਸਾਫ਼ ਦਿਸ਼ਾ-ਨਿਰਦੇਸ਼ ਅਤੇ ਬਿਨਾਂ ਹਿਛਕਦੇ ਆਪਣੇ ਸਵਾਲ ਪੁੱਛਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਦੁੱਧ ਪਿਲਾਉਣਾ ਸਿਰਫ਼ ਬੱਚੇ ਲਈ ਹੀ ਨਹੀਂ, ਮਾਂ ਦੀ ਸਿਹਤ ਲਈ ਵੀ ਲਾਭਕਾਰੀ ਹੈ – ਇਹ ਮਾਂ ਨੂੰ ਤੁਰੰਤ ਰੀਕਵਰੀ ਵਿੱਚ ਮਦਦ ਕਰਦਾ ਹੈ ਅਤੇ ਛਾਤੀ ਅਤੇ ਅੰਡਾਸ਼ੇ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।”
ਡਾ. ਸ਼ਿਵਾਨੀ ਕੌਰ ਨੇ ਕਿਹਾ, "ਹਾਲਾਂਕਿ ਦੁੱਧ ਪਿਲਾਉਣ ਨੂੰ ਕੁਦਰਤੀ ਮੰਨਿਆ ਜਾਂਦਾ ਹੈ, ਪਰ ਇਹ ਹਰ ਮਾਂ ਲਈ ਆਸਾਨ ਨਹੀਂ ਹੁੰਦਾ। ਕਈ ਮਾਂਵਾਂ ਸ਼ੁਰੂ ਵਿੱਚ ਸਹੀ ਜਾਣਕਾਰੀ ਜਾਂ ਮਦਦ ਨਾ ਮਿਲਣ ਕਾਰਨ ਦਿਲਸ਼ਕਨੀ ਮਹਿਸੂਸ ਕਰਦੀਆਂ ਹਨ। ਮਿਸਾਲ ਵਜੋਂ – ਬੀਮਾਰ ਹੋਣ 'ਤੇ ਦੁੱਧ ਨਾ ਪਿਲਾਉਣਾ, ਖਾਣ-ਪੀਣ ਨੂੰ ਬਹੁਤ ਸੀਮਤ ਕਰਨਾ, ਦਵਾਈਆਂ ਨਾ ਲੈਣੀ ਆਦਿ – ਇਹ ਸਾਰੇ ਗਲਤ ਧਾਰਣਾਵਾਂ ਹਨ ਜੋ ਨਵੀਆਂ ਮਾਂਵਾਂ ਵਿੱਚ ਉਲਝਣ ਪੈਦਾ ਕਰਦੀਆਂ ਹਨ। ਇਸ ਲਈ ਜਨਮ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਸਲਾਹ-ਮਸ਼ਵਰਾ ਲੈਣਾ ਬਹੁਤ ਲਾਭਦਾਇਕ ਹੁੰਦਾ ਹੈ।”
ਡਾ. ਅਮਨਤ ਸਿੱਧੂ ਛੀਨਾ ਨੇ ਕਿਹਾ, "ਅਜੇ ਵੀ ਲੋਕਾਂ ਵਿੱਚ ਦੁੱਧ ਪਿਲਾਉਣ ਨਾਲ ਜੁੜੀਆਂ ਸਮੱਸਿਆਵਾਂ 'ਤੇ ਖੁੱਲ੍ਹ ਕੇ ਗੱਲ ਕਰਨ ਵਿੱਚ ਝਿਝਕ ਹੈ। ਡਾਕਟਰ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਮਾਨਦਾਰ ਗੱਲਬਾਤ ਨੂੰ ਉਤਸ਼ਾਹਿਤ ਕਰੀਏ ਅਤੇ ਮਾਂਵਾਂ ਲਈ ਇੱਕ ਆਤਮ-ਵਿਸ਼ਵਾਸ਼ਯੋਗ ਅਤੇ ਸਮਝਦਾਰ ਮਾਹੌਲ ਬਣਾਈਏ। ਸਾਡਾ ਲਕਸ਼ ਹੈ ਕਿ ਹਰ ਮਾਂ ਆਪਣੇ ਬੱਚੇ ਦੀ ਸੰਭਾਲ ਵਿੱਚ ਸਹੀ ਜਾਣਕਾਰੀ ਦੇ ਨਾਲ ਨਿਸ਼ਚਿੰਤ ਮਹਿਸੂਸ ਕਰੇ। ਦੁੱਧ ਪਿਲਾਉਣਾ ਸਿਰਫ਼ ਰਿਵਾਇਤੀ ਰਵਾਇਤ ਨਹੀਂ, ਇਹ ਬੱਚੇ ਦੀ ਪੋਸ਼ਣ ਅਤੇ ਰੋਗ-ਰੋਧਕ ਸਮਰੱਥਾ ਲਈ ਜ਼ਰੂਰੀ ਹੈ। ਫਾਰਮੂਲਾ ਮਿਲਕ ਮਾਂ ਦੇ ਦੁੱਧ ਵਾਲੇ ਗੁਣ ਨਹੀਂ ਦੇ ਸਕਦਾ। ਸਹੀ ਜਾਣਕਾਰੀ ਰਾਹੀਂ ਕੰਮਕਾਜੀ ਮਾਂਵਾਂ ਵੀ ਆਪਣੇ ਬੱਚਿਆਂ ਨੂੰ ਅਸਾਨੀ ਨਾਲ ਦੁੱਧ ਪਿਲਾ ਸਕਦੀਆਂ ਹਨ।”
ਫੋਰਟਿਸ ਹਸਪਤਾਲ ਲੁਧਿਆਣਾ ਦੇ ਫੈਸੀਲਟੀ ਡਾਇਰੈਕਟਰ, ਸਨਵੀਰ ਸਿੰਘ ਭੰਭਰਾ ਨੇ ਕਿਹਾ, “ਇਸ ਦੁੱਧ ਪਾਨ ਹਫ਼ਤੇ ਦੌਰਾਨ ਸਾਡਾ ਉਦੇਸ਼ ਇਹ ਹੈ ਕਿ ਲੋਕਾਂ ਵਿੱਚ ਇਸਦੇ ਮਹੱਤਵ ਅਤੇ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਆਮ ਬਣਾਇਆ ਜਾਵੇ। ਸਾਥੀ, ਮਾਂਵਾਂ ਨੂੰ ਲਾਜ਼ਮੀ ਜਾਣਕਾਰੀ ਅਤੇ ਡਾਕਟਰੀ ਸਹਿਯੋਗ ਦਿੱਤਾ ਜਾਵੇ ਤਾਂ ਜੋ ਉਹ ਇਸ ਰਾਹ ਵਿੱਚ ਆਪਣੇ ਆਪ ਨੂੰ ਸਸ਼ਕਤ ਮਹਿਸੂਸ ਕਰਣ। ਦੁੱਧ ਪਿਲਾਉਣਾ ਬੱਚੇ ਦੀ ਲੰਬੇ ਸਮੇਂ ਦੀ ਸਿਹਤ ਦੀ ਬੁਨਿਆਦ ਰੱਖਦਾ ਹੈ ਅਤੇ ਮਾਂ-ਬੱਚੇ ਦੇ ਰਿਸ਼ਤੇ ਨੂੰ ਵੀ ਗਹਿਰਾ ਕਰਦਾ ਹੈ।”
ਅਜਿਹੀਆਂ ਪਹਲਾਂ ਰਾਹੀਂ ਫੋਰਟਿਸ ਹਸਪਤਾਲ ਲੁਧਿਆਣਾ ਜਨਮ ਦੇ ਪਹਿਲੇ ਪੜਾਅ ਤੋਂ ਹੀ ਸਹਿਣਸ਼ੀਲ, ਵਿਗਿਆਨਕ ਆਧਾਰ 'ਤੇ ਆਧਾਰਤ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਮਾਜ ਨੂੰ ਹੋਰ ਸਿਹਤਮੰਦ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਸਥਿਰ ਕਰ ਰਿਹਾ ਹੈ।