Home >> Ludhiana >> Main >> Recent >> ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ * ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਦੇ ਕੀਤੇ ਸਨ ਜ਼ਬਰਦਸਤ ਪ੍ਰਬੰਧ


ਲੁਧਿਆਣਾ, 10 ਅਪ੍ਰੈਲ (ਹਾਰਦਿਕ ਕੁਮਾਰ)- ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਪੁਲਿਸ ਵੱਲੋਂ ਇਸ ਮੌਕੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਸ਼ਹਿਰ ਵਿਚ ਕਿਸੇ ਵੀ ਇਲਾਕੇ ਵਿਚ ਅਣਸੁਖਾਵੀਂ ਘਟਨਾ ਹੋਣ ਦੀ ਸੂਚਨਾ ਨਹੀਂ ਹੈ। ਬੰਦ ਦੇ ਸੱਦੇ ਭਾਵੇਂ ਕਿਸੇ ਵੀ ਜਥੇਬੰਦੀ ਨੇ ਅਧਿਕਾਰਤ ਤੌਰ 'ਤੇ ਹਮਾਇਤ ਨਹੀਂ ਕੀਤੀ ਸੀ, ਪਰ ਫਿਰ ਵੀ ਕੁਝ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਖੁਦ ਹੀ ਦੁਕਾਨਾਂ ਬੰਦ ਰੱਖੀਆਂ ਗਈਆਂ ਸਨ। 12 ਵਜੇ ਦੇ ਕਰੀਬ ਪੁਰਾਣਾ ਬਾਜ਼ਾਰ ਵਿਚ ਕੁਝ ਹਿੰਦੂ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਨਾਂ ਦੁਕਾਨਦਾਰਾਂ ਨੇ ਕੁਝ ਸਮੇਂ ਹੀ ਦੁਕਾਨਾਂ ਬੰਦ ਰੱਖੀਆਂ, ਪਰ ਬਾਅਦ ਵਿਚ ਦੁਕਾਨਾਂ ਖੁੱਲ ਗਈਆਂ ਸਨ ਸ਼ਹਿਰ ਵਿਚ ਅੱਜ ਬੰਦ ਦਾ ਅਸਰ ਘੱਟ ਹੀ ਦੇਖਣ ਨੂੰ ਮਿਲਿਆ। ਸੜਕੀ ਅਤੇ ਰੇਲ ਆਵਾਜਾਈ ਆਮ ਦਿਨਾਂ ਵਾਂਗ ਹੀ ਸੀ, ਜਦ ਕਿ ਸ਼ਹਿਰ ਵਿਚ ਸਕੂਲ ਅਤੇ ਕਾਲਜ ਵੀ ਆਮ ਦਿਨਾਂ ਵਾਂਗ ਖੁੱਲੇ ਰਹੇ। ਸ਼ਹਿਰ ਵਿਚ ਫੀਲਡਗੰਜ, ਚੌੜਾ ਬਾਜ਼ਾਰ, ਗੁੜ ਮੰਡੀ, ਦਾਲ ਬਾਜ਼ਾਰ, ਦਰੇਸੀ ਰੋਡ ਅਤੇ ਆਸਪਾਸ ਦੇ ਇਲਾਕਿਆਂ ਵਿਚ ਬੰਦ ਦਾ ਅਸਰ ਸੀ। ਪਰ ਦੇਰ ਸ਼ਾਮ ਤੱਕ ਇੱਥੇ ਵੀ ਦੁਕਾਨਦਾਰਾਂ  ਨੇ ਦੁਕਾਨਾਂ ਖੋਲ ਦਿੱਤੀਆਂ ਸਨ। ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬੰਦ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸਥਾਨਕ ਬਸਤੀ ਜੋਧੇਵਾਲ ਸਥਿਤ ਇਕ ਧਾਰਮਿਕ ਅਸਥਾਨ ਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ। ਪੁਲਿਸ ਵਲੋਂ ਉਕਤ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਕੁਝ ਦੇਰ ਬਾਅਦ ਪੁਲਿਸ ਅਧਿਕਾਰੀਆਂ ਨੇ ਇਨਾਂ ਨੌਜਵਾਨਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ, ਜਿਸਤੇ ਇਹ ਨੌਜਵਾਨ ਉਥੋਂ ਚਲੇ ਗਏ। ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਬੰਦ ਦੇ ਮੱਦੇਨਜ਼ਰ ਸ਼ਹਿਰ ' ਦੋ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਉਨਾਂ ਦੱਸਿਆ ਕਿ ਕਿਸੇ ਵੀ ਇਲਾਕੇ ਵਿਚ ਅਣਸੁਖਾਵੀਂ ਘਟਨਾ ਹੋਣ ਦੀ ਸੂਚਨਾ ਨਹੀਂ ਹੈ। 

 
Top