Home >> Ludhiana >> Politics >> Recent >> ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਜਖ਼ਮੀ ਯਸ਼ਵੰਤ ਕੁਮਾਰ ਦਾ ਪਤਾ ਲੈਣ ਦਯਾਨੰਦ ਹਸਪਤਾਲ ਪੁੱਜੇ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ



-ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸੇ ਵੀ ਹੀਲੇ ਖ਼ਰਾਬ ਨਹੀਂ ਹੋਣ ਦਿੱਤੀ ਜਾਵੇਗੀ
ਲੁਧਿਆਣਾ, 19 ਅਪ੍ਰੈੱਲ (ਹਾਰਦਿਕ ਕੁਮਾਰ )-ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐੱਮ. ਸੀ.) ਵਿਖੇ ਯਸ਼ਵੰਤ ਕੁਮਾਰ ਦਾ ਹਾਲ ਚਾਲ ਪੁੱਛਿਆ, ਜੋ ਕਿ ਬੀਤੇ ਦਿਨੀਂ ਫਗਵਾੜਾ ਵਿਖੇ ਹੋਈ ਘਟਨਾ ਵਿੱਚ ਜਖ਼ਮੀ ਹੋ ਗਿਆ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਵਿਸ਼ੇਸ਼ ਤੌਰ 'ਤੇ ਪੁੱਜੇ ਚੌਧਰੀ ਸੰਤੋਖ ਸਿੰਘ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ

ਪੀੜਤ ਪਰਿਵਾਰ ਨਾਲ ਗੱਲਬਾਤ ਕਰਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯਸ਼ਵੰਤ ਕੁਮਾਰ ਦੀ ਸਿਹਤਯਾਬੀ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਕੀਤੀ ਹੋਈ ਹੈ। ਮੁੱਖ ਮੰਤਰੀ ਨੇ ਉਨਾਂ (ਸੰਤੋਖ ਸਿੰਘ) ਨੂੰ ਅੱਜ ਵਿਸ਼ੇਸ਼ ਤੌਰ 'ਤੇ ਅਸਲ ਸਥਿਤੀ ਦਾ ਪਤਾ ਕਰਨ ਲਈ ਹੀ ਭੇਜਿਆ ਹੈ। ਉਨਾਂ ਪਰਿਵਾਰ ਨੂੰ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਪੰਜਾਬ ਸਰਕਾਰ ਯਸ਼ਵੰਤ ਨੂੰ ਬੇਹਤਰ ਇਲਾਜ਼ ਲਈ ਹੋਰ ਵਧੀਆ ਹਸਪਤਾਲ ਵਿੱਚ ਵੀ ਤਬਦੀਲ ਕਰਾਉਣ ਤੋਂ ਹਿਚਕਿਚਾਏਗੀ ਨਹੀਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤ 'ਤੇ ਹਸਪਤਾਲ ਵੱਲੋਂ ਬਕਾਇਦਾ ਮਾਹਿਰ ਡਾਕਟਰਾਂ ਦਾ ਬੋਰਡ ਬਣਾ ਕੇ ਯਸ਼ਵੰਤ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਸਿਹਤ ਸੁਧਾਰ ਦੀ ਪ੍ਰਗਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਮੁੜ ਦੁਰਹਾਇਆ ਕਿ ਯਸ਼ਵੰਤ ਦੇ ਸਾਰੇ ਇਲਾਜ਼ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਵੇਗਾ। ਇਸ ਮੌਕੇ ਪਰਿਵਾਰ ਵੱਲੋਂ ਇਲਾਜ ਅਤੇ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ 'ਤੇ ਸੰਤੁਸ਼ਟੀ ਪ੍ਰਗਟ ਕੀਤੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਸੇ ਵੀ ਹੀਲੇ ਖ਼ਰਾਬ ਨਹੀਂ ਹੋਣ ਦੇਵੇਗੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਰਿਆਸ਼ੀਲ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਸੁਧਰ ਰਹੀ ਹੈ। ਇਸ ਮੌਕੇ ਉਨਾਂ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਖਾਸ ਤੌਰ 'ਤੇ ਪੁਲਿਸ ਜ਼ਿਲਾ ਕਪੂਰਥਲਾ ਦੇ ਐੱਸ. ਪੀ. (ਸਥਾਨਕ) ਸ੍ਰ. ਜਸਕਿਰਨਜੀਤ ਸਿੰਘ ਤੇਜਾ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਇਸ ਮੌਕੇ ਉਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੌਧਰੀ ਵਿਕਰਮਜੀਤ ਸਿੰਘ, ਫਿਲੌਰ ਦੇ ਐੱਸ. ਡੀ. ਐੱਮ. ਸ੍ਰ. ਵਰਿੰਦਰਪਾਲ ਸਿੰਘ ਬਾਜਵਾ, ਸ੍ਰੀ ਯੋਗੇਸ਼ ਹਾਂਡਾ ਯੂਥ ਕਾਂਗਰਸੀ ਆਗੂ ਅਤੇ ਹੋਰ ਹਾਜ਼ਰ ਸਨ। 

 
Top