Home >> Ludhiana >> Municipal Corporation >> Recent >> ਰਵਨੀਤ ਸਿੰਘ ਬਿੱਟੂ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ -ਹੁਣ ਹਰ ਮਹੀਨੇ ਹੋਏਗਾ ਰਿਵਿਊ-ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਨੇਪਰੇ ਚਾੜਨ ਦੀ ਹਦਾਇਤ -ਲੁਧਿਆਣਾ ਬਣੇਗਾ ਸੂਬੇ ਦਾ ਸਭ ਤੋਂ ਵਿਕਸਤ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਵਾਲਾ ਸ਼ਹਿਰ -ਕਿਸੇ ਵੀ ਤਰਾਂ ਦੀ ਢਿੱਲਮੁੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਲੋਕ ਸਭਾ ਮੈਂਬਰ




ਲੁਧਿਆਣਾ, 18 ਅਪ੍ਰੈੱਲ (ਹਾਰਦਿਕ ਕੁਮਾਰ )-ਸ਼ਹਿਰ ਲੁਧਿਆਣਾ ਨੂੰ 'ਸਮਾਰਟ ਸਿਟੀ' ਵਜੋਂ ਵਿਕਸਤ ਕਰਨ ਲਈ ਸ਼ੁਰੂ ਕੀਤੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਇਸ ਪ੍ਰੋਜੈਕਟ ਨਾਲ ਜੁੜੇ ਸਮੂਹ ਅਧਿਕਾਰੀਆਂ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰ. ਬਿੱਟੂ ਨੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਨੇਪਰੇ ਚਾੜਨ ਲਈ ਹਦਾਇਤਾਂ ਜਾਰੀ ਕੀਤੀਆਂ

ਮੀਟਿੰਗ ਦੌਰਾਨ ਸ੍ਰ. ਬਿੱਟੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਵਾਸੀਆਂ ਵਾਸਤੇ ਇਹ ਬੜੇ ਮਾਣ ਵਾਲੀ ਗੱਲ ਸੀ ਕਿ 'ਸਮਾਰਟ ਸਿਟੀ ਪ੍ਰੋਜੈਕਟ' ਲਈ ਇਸ ਸ਼ਹਿਰ ਦੀ ਚੋਣ ਸਭ ਤੋਂ ਪਹਿਲੀ ਸੂਚੀ ਵਿੱਚ ਹੋਈ ਸੀ ਪਰ ਕਈ ਕਾਰਨਾਂ ਕਰਕੇ ਇਹ ਪ੍ਰੋਜੈਕਟ ਉਸ ਚਾਲ ਨਾਲ ਅੱਗੇ ਨਹੀਂ ਵਧਾਇਆ ਜਾ ਸਕਿਆ, ਜਿਸ ਚਾਲ ਨਾਲ ਇਹ ਅੱਗੇ ਵੱਧਣਾ ਚਾਹੀਦਾ ਸੀ। ਸ੍ਰ. ਬਿੱਟੂ ਨੇ ਅਧਿਕਾਰੀਆਂ ਅਤੇ ਕੰਪਨੀ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਵਾਸੀਆਂ ਲਈ ਇਸ ਪ੍ਰੋਜੈਕਟ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਨ ਲਈ ਸਿਰਤੋੜ ਯਤਨ ਕੀਤੇ ਜਾਣ ਤਾਂ ਜੋ ਸ਼ਹਿਰ ਲੁਧਿਆਣਾ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਵਾਲਾ ਸ਼ਹਿਰ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਭਵਿੱਖ ਵਿੱਚ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਹਰ ਮਹੀਨੇ ਜਾਇਜ਼ਾ ਲਿਆ ਜਾਇਆ ਕਰੇਗਾ
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨ ਲਈ ਬਕਾਇਦਾ ਸਰਵੇ ਮੁਕੰਮਲ ਹੋ ਚੁੱਕੇ ਹਨ। ਕਈ ਡਿਟੇਲ ਪ੍ਰੋਜੈਕਟ ਰਿਪੋਰਟਸ ਤਿਆਰ ਹੋ ਕੇ ਸੰਬੰਧਤ ਅਥਾਰਟੀਜ਼ ਨੂੰ ਮਨਜੂਰੀ ਲਈ ਭੇਜੀਆਂ ਜਾ ਚੁੱਕੀਆਂ ਹਨ, ਜਿਉਂ ਹੀ ਇਹ ਰਿਪੋਰਟਾਂ ਵਾਪਸ ਜਾਣਗੀਆਂ ਤਾਂ ਇਨਾਂ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। 
ਮੀਟਿੰਗ ਦੌਰਾਨ ਸ੍ਰ. ਬਿੱਟੂ ਨੇ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਤਹਿਤ ਸਭ ਤੋਂ ਜਿਆਦਾ ਤਰਜੀਹ ਉਨਾਂ ਕੰਮਾਂ ਨੂੰ ਦਿੱਤੀ ਜਾਵੇ, ਜਿਨਾਂ ਦੇ ਮੁਕੰਮਲ ਹੋਣ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਪਹੁੰਚੇਗਾ। ਉਨਾਂ ਕਿਹਾ ਕਿ ਬੁੱਢਾ ਨਾਲਾ ਦੀ ਮੁਕੰਮਲ ਕਾਇਆ ਕਲਪ, ਸ਼ਹਿਰ ਵਿੱਚ ਸਮਾਰਟ ਡਸਟਬਿੰਨ ਲਗਾਉਣਾ, ਸ਼ਹਿਰ ਵਿੱਚ ਐੱਲ. . ਡੀ. ਲਾਈਟਸ, ਘੁਮਾਰ ਮੰਡੀ ਪਾਰਕਿੰਗ ਪ੍ਰੋਜੈਕਟ, ਪੱਖੋਵਾਲ ਸੜਕ 'ਤੇ ਰੇਲਵੇ ਓਵਰਬ੍ਰਿਜ, ਸਲਾਟਰ ਹਾਊਸ, ਸਰਾਭਾ ਨਗਰ ਮਾਰਕੀਟ ਦਾ ਨਵੀਨੀਕਰਨ, ਮਲਹਾਰ ਸਮਾਰਟ ਰੋਡ, ਫੋਕਲ ਪੁਆਇੰਟ ਖੇਤਰ ਵਿੱਚ ਸਾਈਕਲ ਟਰੈਕ, ਬੱਸ ਸਟਾਪ ਪੁਆਇੰਟਾਂ ਦਾ ਨਵੀਨੀਕਰਨ, ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਆਦਿ ਨੂੰ ਪਹਿਲ ਦੇ ਆਧਾਰ 'ਤੇ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। 
ਸ੍ਰ. ਬਿੱਟੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਅਤੇ ਉਹ ਸੂਬੇ ਦੇ ਵਿਕਾਸ ਲਈ ਲੋਕਾਂ ਨੂੰ ਜਵਾਬਦੇਹ ਹਨ, ਜੇਕਰ ਅਜਿਹੇ ਪ੍ਰੋਜੈਕਟ ਅਧਿਕਾਰੀਆਂ ਦੀ ਕੰਮ ਕਰਨ ਦੀ ਇੱਛਾ ਭਾਵਨਾ ਦੀ ਅਣਹੋਂਦ ਕਾਰਨ ਅੱਧ ਵਿਚਾਲੇ ਲਟਕਦੇ ਹਨ, ਤਾਂ ਇਸ ਨਾਲ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਹਨ। ਇਸ ਕਰਕੇ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਪੱਧਰ 'ਤੇ ਪ੍ਰਸਾਸ਼ਨਿਕ ਤੌਰ 'ਤੇ ਢਿੱਲਮੁੱਠ ਸਾਹਮਣੇ ਆਉਂਦੀ ਹੈ ਤਾਂ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਸੰਜੇ ਤਲਵਾੜ, ਸ੍ਰ. ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਯਮ ਅਗਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

 
Top