Home >> Ludhiana >> Main >> ਸੋਮਵਾਰ ਤੱਕ ਤਨਖਾਹ ਨਾ ਰਿਲੀਜ਼ ਕਰਨ ਤੇ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ



ਲੁਧਿਆਣਾ, 24 ਮਾਰਚ (ਹਾਰਦਿਕ ਕੁਮਾਰ)-ਮਿਊਂਸਪਲ ਕਰਮਚਾਰੀ ਦਲ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 26 ਮਾਰਚ ਸੋਮਵਾਰ ਤੱਕ ਮੁਲਾਜ਼ਮਾਂ ਦੀ ਤਨਖਾਹ ਰਿਲੀਜ਼ ਨਾ ਕੀਤੀ ਤਾਂ ਮੰਗਲਵਾਰ ਨੂੰ ਮੁੱਖ ਦਫ਼ਤਰ ਮਾਤਾ ਰਾਣੀ ਚੌਕ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ। ਦਲ ਦੇ ਚੇਅਰਮੈਨ ਵਿਜੈ ਦਾਨਵ,  ਪ੍ਰਧਾਨ ਚੌਧਰੀ ਯਸ਼ਪਾਲ, ਦੇਵ ਰਾਜ ਅਸੁਰ, ਲਵ ਦ੍ਰਾਵਿੜ, ਰਜਿੰਦਰ ਹੰਸ ਨੇ ਦੱਸਿਆ ਕਿ ਪਿਛਲੇ 6-7 ਮਹੀਨਿਆਂ ਤੋਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ, ਰੋਜ਼ਾਨਾ ਦਿਹਾੜੀ ਤੇ ਕੰਮ ਕਰਦੇ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਕਰਮਚਾਰੀਆਂ ਨੂੰ ਘਰ ਦਾ ਖਰਚਾ, ਬੱਚਿਆਂ ਦੀ ਫੀਸ, ਕਰਜ਼ੇ ਦੀਆਂ ਕਿਸ਼ਤਾਂ ਅਤੇ ਦੂਸਰੇ ਖਰਚਿਆਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕਰਮਚਾਰੀਆਂ ' ਰੋਸ ਵੱਧਦਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜੇਕਰ ਸੋਮਵਾਰ ਤੱਕ ਕਰਮਚਾਰੀਆਂ ਨੂੰ ਤਨਖਾਹ ਰਿਲੀਜ਼ ਨਾ ਕੀਤੀ ਤਾਂ ਮੰਗਲਵਾਰ ਨੂੰ ਮੁੱਖ ਦਫ਼ਤਰ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ, ਜੇਕਰ ਫਿਰ ਵੀ ਤਨਖਾਹ ਨਾ ਦਿੱਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਰਾਜ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ। 

 
Top