Home >> Education >> Ludhiana >> Main >> National >> Protest >> ਅਧਿਆਪਕ ਰੋਸ ਰੈਲੀ ਦੌਰਾਨ ਲਾਏ ਜਾਮ ਕਾਰਨ ਹਜ਼ਾਰਾਂ ਮੁਸਾਫ਼ਿਰ ਹੋਏ ਖੱਜ਼ਲ ਖੁਆਰ


ਲੁਧਿਆਣਾ, 25 ਮਾਰਚ (ਭਜਨਦੀਪ ਸਿੰਘ)- ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਤੋਂ ਪਹੁੰਚੇ ਹਜ਼ਾਰਾਂ ਅਧਿਆਪਕ ਅਧਿਆਪਕਾਵਾਂ ਵੱਲੋਂ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਜਾਮ ਲਗਾ ਦਿੱਤੇ ਜਾਣ ਕਾਰਨ ਹਜ਼ਾਰਾਂ ਮੁਸਾਫ਼ਰਾਂ ਨੂੰ ਖੱਜ਼ਲ ਖੁਆਰ ਹੋਣਾ ਪਿਆ। ਭਾਵੇਂ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਅਧਿਆਪਕ ਵੱਲੋਂ ਦਿੱਤੇ ਜਾਣ ਵਾਲ਼ੇ ਸੰਭਾਵੀ ਧਰਨੇ ਨੂੰ ਰੋਕਣ ਲਈ ਵੱਡੀ ਗਿਣਤੀ ਪੁਲਿਸ ਅਤੇ ਪੁਲਿਸ ਵੱਲੋਂ 'ਰੈਪਿਡ ਐਕਸ਼ਨ' ਲਈ ਵਰਤੀਆਂ ਜਾਂਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ  ਸਨ ਪਰ ਅਧਿਆਪਕਾਂ ਦੀ ਰਿਕਾਰਡਤੋੜ ਗਿਣਤੀ ਸਾਹਮਣੇ ਪੁਲਿਸ ਦੇ ਇਹ ਪ੍ਰਬੰਧ ਨਿਗੂਣੇ ਸਾਬਤ ਹੋਏ। ਅਧਿਆਪਕਾਂ ਨੇ ਪਹਿਲਾਂ ਸ਼ਾਂਤਮਈ ਰੋਸ ਮਾਰਚ ਕਰਨ ਦਾ ਮਨ ਬਣਾਇਆ ਸੀ ਪਰ ਪੁਲਿਸ ਵੱਲੋਂ ਇਸ ਮਾਰਚ ਨੂੰ ਰੋਕਣ ਲਈ ਲਾਈ ਬੈਰੀਕੇਡ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਵੱਲੋਂ ਡਾਂਗ ਦੇ ਜ਼ੋਰ 'ਤੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਯਤਨਾਂ ਤੋਂ ਖਫ਼ਾ ਹੋਏ ਅਧਿਆਪਕਾਂ ਨੇ ਇਕਜੁਟ ਹੋ ਕੇ ਸਾਰੀਆਂ ਰੋਕਾਂ ਤੋੜ ਸੁੱਟੀਆਂ ਅਤੇ ਪੂਰੀ ਜੀ. ਟੀ. ਰੋਡ ਠੱਪ ਕਰ ਦਿੱਤੀ। ਹਾਲਾਂਕਿ ਪੁਲਿਸ ਨੇ ਜਲੰਧਰ ਤੋਂ ਦਿੱਲੀ ਵੱਲ ਜਾਣ ਵਾਲੀਆਂ ਗੱਡੀਆਂ ਦਾ ਰੂਟ ਬਦਲ ਕੇ ਲੋਕਾਂ ਨੂੰ ਕੁੱਝ ਰਾਹਤ ਦੇਣ ਦਾ ਯਤਨ ਕੀਤਾ ਪਰ ਧਰਨਾ ਸ਼ੁਰੂ ਹੋਣ ਸਮੇਂ ਲਾਢੋਵਾਲ ਅਤੇ ਜਲੰਧਰ ਬਾਈਪਾਸ ਵਿਚਾਲੇ ਜਦਕਿ ਦੂਜੇ ਪਾਸੇ ਸਮਰਾਲ਼ਾ ਚੌਕ ਅਤੇ ਜਲੰਧਰ ਬਾਈਪਾਸ ਵਿਚਾਲ਼ੇ ਪਹੁੰਚੀਆਂ ਸੈਂਕੜੇ ਗੱਡੀਆਂ ਅਚਾਨਕ ਲੱਗੇ ਜਾਮ ਕਾਰਨ ਫ਼ਸ ਗਈਆਂ। ਇਨਾਂ ਫਸੀਆਂ ਗੱਡੀਆਂ ਵਿਚੋਂ ਲੋਕਾਂ ਨੂੰ ਨਿੱਕੇ ਬੱਚਿਆਂ ਅਤੇ ਬਿਰਧਾਂ ਸਮੇਤ ਤੁਰ ਕੇ ਕਈ ਕਿਲੋਮੀਟਰ ਜਾਣਾ ਪਿਆ। ਇਸੇ ਦੌਰਾਨ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗਦਿਆਂ ਆਖਿਆ ਹੈ ਕਿ ਅਸੀਂ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਅਤੇ ਸ਼ਾਂਤ ਮਈ ਰੋਸ ਮਾਰਚ ਕਰਨ ਤੋਂ ਪੁਲਿਸ ਵੱਲੋਂ ਜ਼ਬਰੀ ਰੋਕਣ 'ਤੇ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸੀ। 
 
Top