Home >> sports >> ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ

ਪੰਜਾਬੀ ਸਾਹਿਤ ਅਕਾਡਾਮੀ ਲੁਧਿਆਣਾ ਵੱਲੋਂ  ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ 21 ਫ਼ਰਵਰੀ 2018, ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਇਸ ਦਿਨ ਅਕਾਡਮੀ ਵੱਲੋਂ ਵਿਦਿਆਰਥੀਆਂ ਦੇ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿਚ ਪੰਜਾਬੀ ਕਹਾਣੀ ਸਿਰਜਣ ਮੁਕਾਬਲਾ, ਕਾਵਿ ਸਿਰਜਣ ਮੁਕਾਬਲਾ, ਲੋਕ ਗੀਤ ਮੁਕਾਬਲਾ, ਸੱਭਿਆਚਾਰਕ ਪ੍ਰਸ਼ਨੋਤਰੀ ((ਕੁਇਜ਼), ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ ਉਚਾਰਣ ਮੁਕਾਬਲਾ ਅਤੇ ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲਾ ਕਰਵਾਇਆ ਜਾਵੇਗਾ। ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਡਾ. ਗੁਰਚਰਨ ਕੌਰ ਕੋਚਰ, ਸਹਿ ਸੰਯੋਜਕ ਸ.ਸਹਿਜਪ੍ਰੀਤ ਸਿੰਘ ਮਾਂਗਟ ਅਤੇ ਡਾ. ਦਵਿੰਦਰ ਕੌਰ ਦਿਲਰੂਪ ਨੇ ਦਸਿਆ ਕਿ ਉਪਰੋਕਤ ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੀ ਸੰਸਥਾ
ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ। ਇਸ ਟਰਾਫ਼ੀ ਨੂੰ ਹਾਸਿਲ ਕਰਨ ਲਈ ਇਹ ਕੋਈ ਜ਼ਰੂਰੀ ਨਹੀਂ ਹੋਵੇਗਾ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਹਰੇਕ ਮੁਕਾਬਲੇ ਵਿਚ ਭਾਗ ਲਿਆ ਹੋਵੇ। ਉਨ੍ਹਾਂ ਕਿਹਾ ਕਿ ਸਾਹਿਤਕ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਤੋਂ ਅਧਿਕਾਰ ਪੱਤਰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਡਾ. ਗੁਰਚਰਨ ਕੌਰ ਕੋਚਰ ਦੇ ਮੋਬਾਈਲ ਨੰਬਰ 94170-31464 ਜਾਂ ਅਕਾਡਮੀ ਦੇ ਫ਼ੋਨ ਨੰਬਰ 0161-2400905’ਤੇ ਸੰਪਰਕ ਕੀਤਾ ਜਾ ਸਕਦਾ ਹੈ।
 
Top