Home >> National >> ਆਸਟਰੇਲੀਅਨ ਹਾਈ ਕਮਿਸ਼ਨਰ ਨੇ ਡੇਅਰੀ ਫਾਰਮਿੰਗ ਲਈ ਕੀਤਾ ਐਪ ਜਾਰੀ

ਭਾਰਤ-ਆਸਟਰੇਲੀਆ ਹਰ ਖੇਤਰ 'ਚ ਮਿਲਕੇ ਕੰਮ ਕਰਨ ਲਈ ਅੱਗੇ ਵਧ ਰਿਹਾ ਹੈ- ਹਰਿੰਦਰ ਸਿੱਧੂ
ਭਾਰਤ 'ਚ ਡੇਅਰੀ ਫਾਰਮਿੰਗ ਦੇ ਵਿਕਾਸ 'ਚ ਤਕਨਾਲੋਜੀ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਯਤਨਸ਼ੀਲ ਸੰਸਥਾ ਉਦੈ ਵੱਲੋਂ ਤਿਆਰ ਕੀਤੇ ਐਪ ਮੂ ਨੂੰ ਅੱਜ ਇੱਥੇ ਭਾਰਤ 'ਚ ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਜਾਰੀ ਕੀਤਾ। ਉਦੈ ਦੇ ਬਾਨੀ ਅਤੇ ਪ੍ਰਬੰਧਕੀ ਨਿਰਦੇਸ਼ਕ ਪਰਮ ਸਿੰਘ ਦੀ ਅਗਵਾਈ 'ਚ ਹੋਏ ਇਸ ਸਮਾਗਮ 'ਚ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡਿਪਟੀ ਡਾਇਰੈਕਟਰ ਸ੍ਰੀ ਅਸ਼ੋਕ ਰੌਣੀ, ਸਕਿੱਲ ਡਿਵੈਪਲਮੈਂਟ ਕੌਸ਼ਲ ਆਫ ਇੰਡੀਆ ਵੱਲੋਂ ਕਰਨਲ ਕਮਲ ਸੋਢੀ, ਪਸ਼ੂ ਪਾਲਣ ਵਿਭਾਗ ਦੇ ਸਾਬਕਾ ਅਧਿਕਾਰੀ ਡਾ. ਸੁਖਚਰਨਜੀਤ ਸਿੰਘ ਗੋਸਲ, ਉਦੈ ਦੀ ਬਿਜਨਸ ਮੁਖੀ ਆਸ਼ਨਾ, ਦਰਸ਼ਨ ਸਿੰਘ ਸਿੱਧੂ ਵੇਰਕਾ ਦੇ ਸੇਵਾ ਮੁਕਤ ਅਧਿਕਾਰੀ ਤੇ ਡੇਅਰੀ ਫਾਰਮਿੰਗ ਨਾਲ ਜੁੜੀਆਂ ਬਹੁਤ ਸਾਰੀਆਂ ਸੁਆਣੀਆਂ ਅਤੇ ਨੌਜਵਾਨ ਵੀ ਮੌਜੂਦ ਸਨ।  
ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਕਿਹਾ ਕਿ ਭਾਰਤ ਇੱਕ ਬਹੁਪਰਤੀ ਦੇਸ਼ ਹੈ। ਇਸ ਮੁਲਕ ਦੀ ਤਰੱਕੀ ਲਈ ਤਕਨਾਲੋਜ਼ੀ ਅਹਿਮ ਯੋਗਦਾਨ ਪਾ ਸਕਦੀ ਹੈ। ਜਿਸ ਤਹਿਤ ਹੀ ਭਾਰਤ ਦੇ ਜੰਮਪਲ ਅਤੇ ਆਸਟਰੇਲੀਅਨ ਕਾਰੋਬਾਰੀ ਪਰਮ ਸਿੰਘ ਦੀ ਸੰਸਥਾ ਉਦੈ ਭਾਰਤ 'ਚ ਸਕਿੱਲ ਡਿਵੈਪਲਮੈਂਟ ਦੇ ਖੇਤਰ 'ਚ ਸਰਗਰਮ ਹੋਈ ਹੈ। ਇਸੇ ਤਹਿਤ ਡੇਅਰੀ ਅਤੇ ਖੇਤੀ ਦੇ ਵਿਕਾਸ ਉਦੈ ਵੱਲੋਂ ਕੰਮ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ 'ਚ ਛੋਟੇ-ਛੋਟੇ ਉੱਦਮ ਵੱਡੇ ਵਿਕਾਸ ਦੀ ਨੀਹ ਬਣਦੇ ਹਨ। ਇਸੇ ਲਈ ਮੂ ਐਪ ਡੇਅਰੀ ਵਿਕਾਸ ਦੇ ਖੇਤਰ 'ਚ ਉੱਦਮੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਐਪ ਰਾਹੀਂ ਡੇਅਰੀ ਵਿਕਾਸ ਨਾਲ ਜੁੜੇ ਲੋਕ ਆਪਣੀ ਪੈਦਾਵਾਰ 'ਚ ਵਾਧਾ ਕਰ ਸਕਣਗੇ। ਬੀਬਾ ਸਿੱਧੂ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦਰਮਿਆਨ ਬਹੁਤ ਸਾਰੇ ਖੇਤਰਾਂ 'ਚ ਸਹਿਯੋਗ ਕੀਤਾ ਜਾ ਰਿਹਾ ਹੈ। ਜਿਸ ਤਹਿਤ ਖੇਤੀਬਾੜੀ ਸੈਕਟਰ ਵੀ ਅਹਿਮ ਹੈ। ਸਕਿੱਲ ਡਿਵੈਲਮੈਂਟ ਕੌਂਸਲ ਆਫ ਇੰਡੀਆ ਦੇ ਨੁਮਾਇਦੇ ਕਰਨਲ ਸੋਢੀ ਨੇ ਕਿਹਾ ਕਿ ਉਦੈ ਵੱਲੋਂ ਕੀਤੇ ਜਾ ਰਹੇ ਯਤਨ ਖੇਤੀਬਾੜੀ ਦੇ ਖੇਤਰ 'ਚ ਵੀ ਬਹੁਤ ਯੋਗਦਾਨ ਪਾਉਣਗੇ। ਇਸ ਮੌਕੇ ਸ੍ਰੀ ਅਸ਼ੋਕ ਰੌਣੀ ਨੇ ਪੰਜਾਬ ਸਰਕਾਰ ਵੱਲੋਂ ਡੇਅਰੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਦੱਸਿਆ ਅਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਊਦੈ ਦੇ ਐਪ ਮੂ ਰਾਹੀਂ ਉਹ ਆਪਣੇ ਪਸ਼ੂ ਪਾਲਣ ਦੇ ਧੰਦੇ ਨੂੰ ਪੂਰੀ ਤਰ੍ਹਾਂ ਕਾਰੋਬਾਰ ਬਣਾਉਣ ਲਈ ਫਾਇਦਾ ਉਠਾਉਣ। ਇਸ ਮੌਕੇ ਸ੍ਰੀ ਪਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੇ ਕਿਸਾਨਾਂ ਨੂੰ ਖੇਤੀਬਾੜੀ ਨੂੰ ਇੱਕ ਕਾਰੋਬਾਰ ਵਜੋਂ ਵਿਕਸਤ ਕਰਨ ਲਈ ਉਤਸ਼ਾਹਿਤ ਅਤੇ ਸਿੱਖਿਅਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਦੈ ਵੱਲੋਂ ਸੰਗਰੂਰ ਜਿਲ੍ਹੇ 'ਚ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਲਗਾਤਾਰ ੭੬ ਪਿੰਡਾਂ 'ਚ ਕੰਮ ਕੀਤਾ ਜਾ ਚੁੱਕਿਆ ਹੈ।ਜਿਸ ਤਹਿਤ ੭ ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਸਿੱਖਿਅਤ ਕੀਤਾ ਗਿਆ ਹੈ। ਇਸ ਮੌਕੇ ਹਰਿੰਦਰ ਸਿੱਧੂ ਨੇ ਕਿਸਾਨ ਸਿਖਲਾਈ ਸਬੰਧੀ ਇੱਕ ਵੈਨ ਵੀ ਰਵਾਨਾ ਕੀਤੀ।  
 
Top